ਮੋਢੇ ‘ਚ ਦਰਦ ਤੋਂ ਲੈ ਕੇ ਜਕੜਨ ਤੱਕ ਭੁੱਲ ਕੇ ਵੀ ਨਾ ਇਗਨੋਰ ਕਰੋ ਆਹ ਲੱਛਣ

ਜੇ ਤੁਹਾਨੂੰ ਪਿਛਲੇ ਕੁਝ ਸਮੇਂ ਤੋਂ ਮੋਢੇ ਵਿੱਚ ਦਰਦ, ਜਕੜਨ ਜਾਂ ਬਾਂਹ ਘੁਮਾਉਣ ਵਿੱਚ ਮੁਸ਼ਕਲ ਮਹਿਸੂਸ ਹੋ ਰਹੀ ਹੈ, ਤਾਂ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਡਾਇਬਟੀਜ਼ ਨਾਲ ਜੁੜੀ ਇੱਕ ਅਜਿਹੀ ਸਮੱਸਿਆ ਵੀ ਹੈ ਜਿਸ ਬਾਰੇ ਘੱਟ ਲੋਕ ਜਾਣਦੇ ਹਨ, ਪਰ ਇਹ ਕਾਫ਼ੀ ਆਮ ਹੈ। ਇਸਨੂੰ ਆਮ ਬੋਲਚਾਲ ਵਿੱਚ ਡਾਇਬਟੀਜ਼ ਸ਼ੋਲਡਰ ਕਿਹਾ ਜਾਂਦਾ ਹੈ, ਜਦਕਿ ਮੈਡੀਕਲ ਭਾਸ਼ਾ ਵਿੱਚ ਇਸਨੂੰ Frozen Shoulder ਕਿਹਾ ਜਾਂਦਾ ਹੈ। ਇਹ ਸਥਿਤੀ ਹੌਲੀ-ਹੌਲੀ ਮੋਢੇ ਦੀ ਗਤੀਵਿਧੀ ਨੂੰ ਸੀਮਿਤ ਕਰ ਸਕਦੀ ਹੈ ਅਤੇ ਰੋਜ਼ਾਨਾ ਦੇ ਕੰਮਾਂ ਨੂੰ ਮੁਸ਼ਕਲ ਬਣਾ ਸਕਦੀ ਹੈ।
ਫ੍ਰੋਜ਼ਨ ਸ਼ੋਲਡਰ ਕੀ ਹੈ?
ਫ੍ਰੋਜ਼ਨ ਸ਼ੋਲਡਰ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਮੋਢੇ ਦੇ ਜੋੜ ਦੇ ਆਲੇ-ਦੁਆਲੇ ਮੌਜੂਦ ਕਨੈਕਟਿਵ ਟਿਸ਼ੂ ਮੋਟੇ ਅਤੇ ਸਖ਼ਤ ਹੋ ਜਾਂਦੇ ਹਨ। ਇਸ ਕਾਰਨ ਮੋਢੇ ਨੂੰ ਹਿਲਾਉਣਾ-ਡੁਲਾਉਣਾ ਮੁਸ਼ਕਲ ਹੋ ਜਾਂਦਾ ਹੈ। ਸ਼ੁਰੂਆਤ ਵਿੱਚ ਦਰਦ ਮਹਿਸੂਸ ਹੁੰਦਾ ਹੈ ਅਤੇ ਸਮੇਂ ਦੇ ਨਾਲ ਮੋਢੇ ਦੀ ਹਿਲਜੁਲ ਕਾਫ਼ੀ ਸੀਮਿਤ ਹੋ ਸਕਦੀ ਹੈ।
ਡਾਇਬਟੀਜ਼ ਵਿੱਚ ਇਸ ਦਾ ਖਤਰਾ ਕਿਉਂ ਵੱਧ ਜਾਂਦਾ ਹੈ?
ਮਾਹਿਰਾਂ ਦੇ ਅਨੁਸਾਰ, ਲੰਬੇ ਸਮੇਂ ਤੱਕ ਬਲੱਡ ਸ਼ੂਗਰ ਦਾ ਪੱਧਰ ਵੱਧ ਰਹਿਣ ਨਾਲ ਸਰੀਰ ਦੇ ਟਿਸ਼ੂਆਂ ਵਿੱਚ ਬਦਲਾਅ ਆਉਣ ਲੱਗਦੇ ਹਨ। ਵਾਧੂ ਗਲੂਕੋਜ਼ ਕੋਲੇਜਨ ਨਾਮਕ ਪ੍ਰੋਟੀਨ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਟਿਸ਼ੂ ਆਪਣੀ ਲਚਕ ਗੁਆਉਣ ਲੱਗਦੇ ਹਨ। ਇਹੀ ਪ੍ਰਕਿਰਿਆ ਮੋਢੇ ਦੇ ਜੋੜ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਤੋਂ ਇਲਾਵਾ, ਲਗਾਤਾਰ ਰਹਿਣ ਵਾਲੀ ਸੋਜ ਅਤੇ ਟਿਸ਼ੂਆਂ ਤੱਕ ਘੱਟ ਖੂਨ ਦਾ ਪ੍ਰਵਾਹ ਵੀ ਇਸ ਸਮੱਸਿਆ ਨੂੰ ਵਧਾਉਣ ਵਿੱਚ ਭੂਮਿਕਾ ਨਿਭਾ ਸਕਦੇ ਹਨ।
ਕੀ ਹੈ ਇਸ ਦਾ ਇਲਾਜ ?
ਫ੍ਰੋਜ਼ਨ ਸ਼ੋਲਡਰ ਦੇ ਇਲਾਜ ਦਾ ਮੁੱਖ ਉਦੇਸ਼ ਦਰਦ ਘਟਾਉਣਾ ਅਤੇ ਮੋਢੇ ਦੀ ਆਮ ਗਤੀਵਿਧੀ ਨੂੰ ਵਾਪਸ ਲਿਆਉਣਾ ਹੁੰਦਾ ਹੈ। ਇਸ ਲਈ ਦਰਦ ਅਤੇ ਸੋਜ ਘਟਾਉਣ ਵਾਲੀਆਂ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ। ਫਿਜ਼ੀਓਥੈਰੇਪੀ ਅਤੇ ਨਿਯਮਿਤ ਸਟ੍ਰੈਚਿੰਗ ਕਸਰਤਾਂ ਰਿਕਵਰੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸਦੇ ਨਾਲ ਹੀ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣਾ ਵੀ ਬਹੁਤ ਜ਼ਰੂਰੀ ਹੈ। ਗੰਭੀਰ ਮਾਮਲਿਆਂ ਵਿੱਚ ਡਾਕਟਰ ਇੰਜੈਕਸ਼ਨ ਜਾਂ ਹੋਰ ਮੈਡੀਕਲ ਪ੍ਰਕਿਰਿਆਵਾਂ ਦੀ ਸਲਾਹ ਦੇ ਸਕਦੇ ਹਨ।
EDITED BY- HARLEEN KAUR




