ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਭੋਗਪੁਰ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਪਲਾਂ ਵਿੱਚ ਉਜਾੜ ਦਿੱਤੀਆਂ। ਇੱਕ ਤੇਜ਼ ਰਫ਼ਤਾਰ ਬੱਸ ਦੀ ਟੱਕਰ ਕਾਰਨ ਜੁਗਾੜੂ ਰੇਹੜੀ ਪਲਟ ਗਈ, ਜਿਸ ਨਾਲ ਮਾਂ ਅਤੇ ਉਸ ਦੀ ਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਨੌਜਵਾਨ ਲੜਕੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਮੋਟਰ ਰਿਕਸ਼ਾ, ਜਿਸ ਨੂੰ ਸਥਾਨਕ ਤੌਰ ‘ਤੇ ਜੁਗਾੜੂ ਰੇਹੜੀ ਕਿਹਾ ਜਾਂਦਾ ਹੈ, ਸੜਕ ਪਾਰ ਕਰ ਰਿਹਾ ਸੀ। ਇਸੇ ਦੌਰਾਨ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੀ ਇੱਕ ਅਣਪਛਾਤੀ ਬੱਸ ਨੇ ਰੇਹੜੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਰੇਹੜੀ ਪਲਟ ਗਈ ਅਤੇ ਉਸ ਵਿੱਚ ਸਵਾਰ ਲੋਕ ਸੜਕ ‘ਤੇ ਜਾ ਡਿੱਗੇ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ‘ਤੇ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲੀ ਸੀ। ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਟ੍ਰੈਫਿਕ ਨੂੰ ਨਿਯੰਤਰਿਤ ਕੀਤਾ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ।
ਹਾਦਸੇ ਤੋਂ ਬਾਅਦ ਬੱਸ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਕਾਰਨ ਪੁਲਿਸ ਲਈ ਹੁਣ ਸਭ ਤੋਂ ਵੱਡੀ ਚੁਣੌਤੀ ਉਸ ਦੀ ਪਛਾਣ ਕਰਕੇ ਉਸ ਨੂੰ ਕਾਬੂ ਕਰਨਾ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ-ਦੁਆਲੇ ਦੇ ਖੇਤਰਾਂ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
EDITED BY- HARLEEN KAUR




