टॉप न्यूज़

ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ‘ਚ ਵੱਡੀ ਲਾਪਰਵਾਹੀ

ਮੌਤ ਤੋਂ ਬਾਅਦ ਹਸਪਤਾਲ ਦੇ ਬਾਹਰ ਸੁੱਟੀ ਲਾਵਾਰਸ ਮਰੀਜ਼ ਦੀ ਲਾਸ਼

ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਲਾਜ ਦੌਰਾਨ ਇੱਕ ਲਾਵਾਰਿਸ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਉਸ ਦੀ ਲਾਸ਼ ਹਸਪਤਾਲ ਕੈਂਪਸ ਤੋਂ ਬਾਹਰ ਸੁੱਟ ਦਿੱਤੀ ਗਈ।

ਮਾਮਲੇ ਦੀ ਜਾਣਕਾਰੀ ਮਿਲਦੇ ਹੀ ਹਸਪਤਾਲ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਰਚਰੀ ਵਿੱਚ ਰਖਵਾਇਆ ਗਿਆ। ਇਸ ਮਾਮਲੇ ਵਿੱਚ ਗੰਭੀਰ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ ਇੱਕ ਹਾਊਸ ਸਰਜਨ (ਐਚ.ਜੀ. ਡਾਕਟਰ) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਫਿਰੋਜ਼ਪੁਰ ਪੁਲਿਸ ਕਰੀਬ ਇੱਕ ਹਫ਼ਤਾ ਪਹਿਲਾਂ ਜ਼ਖ਼ਮੀ ਹਾਲਤ ਵਿੱਚ ਮਿਲੇ ਇੱਕ ਲਾਵਾਰਿਸ ਵਿਅਕਤੀ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਲੈ ਕੇ ਆਈ ਸੀ। ਉਸ ਦਾ ਇਲਾਜ ਹਸਪਤਾਲ ਦੇ ਸਰਜਰੀ ਵਿਭਾਗ ਵਿੱਚ ਕੀਤਾ ਜਾ ਰਿਹਾ ਸੀ। ਸੋਮਵਾਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਆਰੋਪ ਹੈ ਕਿ ਸਰਜਰੀ ਵਿਭਾਗ ਵਿੱਚ ਤਾਇਨਾਤ ਇੱਕ ਹਾਊਸ ਸਰਜਨ ਦੇ ਨਿਰਦੇਸ਼ਾਂ ‘ਤੇ ਹਸਪਤਾਲ ਕਰਮਚਾਰੀਆਂ ਨੇ ਲਾਸ਼ ਨੂੰ ਹਸਪਤਾਲ ਕੈਂਪਸ ਨੇੜੇ ਸਥਿਤ ਰਾਮਬਾਗ ਕੋਲ ਛੱਡ ਦਿੱਤਾ। ਜਦੋਂ ਰਾਹਗੀਰਾਂ ਨੇ ਲਾਸ਼ ਦੇਖੀ ਤਾਂ ਉਨ੍ਹਾਂ ਨੇ ਸਮਾਜਸੇਵੀ ਸੰਸਥਾ ਸਹਾਰਾ ਸੋਸਾਇਟੀ ਦੇ ਪ੍ਰਧਾਨ ਅਸ਼ੋਕ ਭਟਨਾਗਰ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੇ ਵੇਖਿਆ ਕਿ ਮ੍ਰਿਤਕ ਦੇ ਸਰੀਰ ‘ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ, ਜਿਸ ਤੋਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਹ ਹਸਪਤਾਲ ਦਾ ਹੀ ਮਰੀਜ਼ ਸੀ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਇਸ ਦੇ ਨਾਲ ਹੀ ਹਸਪਤਾਲ ਪ੍ਰਸ਼ਾਸਨ ਵੀ ਸਰਗਰਮ ਹੋਇਆ ਅਤੇ ਲਾਸ਼ ਨੂੰ ਤੁਰੰਤ ਮੋਰਚਰੀ ਵਿੱਚ ਰਖਵਾਇਆ ਗਿਆ। ਸਹਾਰਾ ਸੋਸਾਇਟੀ ਦੇ ਪ੍ਰਧਾਨ ਅਸ਼ੋਕ ਭਟਨਾਗਰ ਨੇ ਕਿਹਾ ਕਿ ਹਸਪਤਾਲ ਕਰਮਚਾਰੀਆਂ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਲਾਸ਼ ਨੂੰ ਬਾਹਰ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਲਾਸ਼ ਨੂੰ ਮੋਰਚਰੀ ਵਿੱਚ ਰੱਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਸੀ। ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!