ਬਠਿੰਡਾ ਜ਼ਿਲ੍ਹੇ ਦੇ ਜੱਸੀ ਪੌਵਾਲੀ ਪਿੰਡ ਦੇ ਗੁਰਦੁਆਰਾ ਢਾਬਸਰ ਸਾਹਿਬ ਵਿੱਚ ਵੀਰਵਾਰ ਦੇਰ ਰਾਤ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਵਿੱਤਰ ਸਰੂਪਾਂ ਦੇ ਕਵਰ ਨੁਕਸਾਨੇ ਗਏ। ਜਾਣਕਾਰੀ ਅਨੁਸਾਰ ਗੁਰਦੁਆਰੇ ਅੰਦਰ ਲੱਗੇ ਇੱਕ ਬਿਜਲੀ ਦੇ ਬਲਬ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਗੁਰਦੁਆਰਾ ਢਾਬਸਰ ਸਾਹਿਬ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਸ਼ਾਮ ਦੀ ਅਰਦਾਸ ਕਰ ਰਹੇ ਸਨ ਤਾਂ ਸੱਚਖੰਡ ਸਾਹਿਬ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਤੁਰੰਤ ਸੱਚਖੰਡ ਤੋਂ ਬਾਹਰ ਕੱਢ ਲਿਆ ਗਿਆ। ਹਾਲਾਂਕਿ ਇਸ ਦੌਰਾਨ ਚਾਰ ਪਾਵਨ ਸਰੂਪਾਂ ਦੇ ਕਵਰ ਅਗਨ ਭੇਟ ਹੋ ਗਏ।




