
ਗਰਮੀ ਦੇ ਮੌਸਮ ਵਿੱਚ ਜ਼ਿਆਦਾਤਰ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਫ੍ਰਿਜ ਵਿੱਚ ਰੱਖਿਆ ਜਾਂਦਾ ਹੈ। ਇਸ ਨਾਲ ਉਹ ਜਲਦੀ ਖਰਾਬ ਨਹੀਂ ਹੁੰਦੀਆਂ ਅਤੇ ਲੰਬੇ ਸਮੇਂ ਤੱਕ ਤਾਜ਼ੀਆਂ ਰਹਿੰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੀਆਂ ਚੀਜ਼ਾਂ ਵੀ ਹਨ, ਜਿਨ੍ਹਾਂ ਨੂੰ ਫ੍ਰਿਜ ਵਿੱਚ ਰੱਖਣਾ ਫ਼ਾਇਦੇ ਦੀ ਬਜਾਏ ਨੁਕਸਾਨਦਾਇਕ ਹੋ ਸਕਦਾ ਹੈ?
ਅਸਲ ਵਿੱਚ, ਬਹੁਤ ਠੰਢਾ ਤਾਪਮਾਨ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਬਣਤਰ, ਸੁਆਦ ਅਤੇ ਗੁਣਵੱਤਾ ਨੂੰ ਖਰਾਬ ਕਰ ਸਕਦਾ ਹੈ। ਕਈ ਵਾਰ ਗਲਤ ਤਰੀਕੇ ਨਾਲ ਸਟੋਰ ਕੀਤਾ ਭੋਜਨ ਬੈਕਟੀਰੀਆ ਦੇ ਵਾਧੇ ਦਾ ਕਾਰਨ ਵੀ ਬਣ ਸਕਦਾ ਹੈ, ਜਿਸ ਨਾਲ ਫੂਡ ਪੌਇਜ਼ਨਿੰਗ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਹੜੀਆਂ ਚੀਜ਼ਾਂ ਨੂੰ ਫ੍ਰਿਜ ਵਿੱਚ ਨਹੀਂ ਰੱਖਣਾ ਚਾਹੀਦਾ।
ਆਲੂ
ਆਲੂ ਨੂੰ ਫ੍ਰਿਜ ਵਿੱਚ ਰੱਖਣ ਨਾਲ ਇਸ ਵਿੱਚ ਮੌਜੂਦ ਸਟਾਰਚ ਤੇਜ਼ੀ ਨਾਲ ਸ਼ੂਗਰ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਆਲੂ ਦਾ ਸੁਆਦ ਅਤੇ ਬਣਤਰ (ਟੈਕਸਚਰ) ਬਦਲ ਜਾਂਦੇ ਹਨ। ਇਸ ਲਈ ਆਲੂ ਨੂੰ ਫ੍ਰਿਜ ਵਿੱਚ ਰੱਖਣ ਦੀ ਬਜਾਏ ਸੁੱਕੀ, ਠੰਢੀ ਅਤੇ ਹਨੇਰੀ ਥਾਂ ‘ਤੇ ਸਟੋਰ ਕਰਨਾ ਸਭ ਤੋਂ ਵਧੀਆ ਰਹਿੰਦਾ ਹੈ।
ਪਿਆਜ਼
ਫ੍ਰਿਜ ਦੀ ਨਮੀ ਕਾਰਨ ਪਿਆਜ਼ ਜਲਦੀ ਨਰਮ ਹੋ ਕੇ ਖਰਾਬ ਹੋ ਸਕਦਾ ਹੈ ਅਤੇ ਇਸ ਵਿੱਚ ਫਫੂੰਦੀ ਵੀ ਲੱਗ ਸਕਦੀ
ਹੈ। ਇਸ ਲਈ ਪਿਆਜ਼ ਨੂੰ ਫ੍ਰਿਜ ਵਿੱਚ ਰੱਖਣ ਦੀ ਬਜਾਏ ਖੁੱਲ੍ਹੀ, ਸੁੱਕੀ ਅਤੇ ਹਵਾਦਾਰ ਥਾਂ ‘ਤੇ ਸਟੋਰ ਕਰਨਾ ਬਿਹਤਰ ਹੁੰਦਾ ਹੈ।
ਲਸਣ
ਲਸਣ ਨੂੰ ਫ੍ਰਿਜ ਵਿੱਚ ਰੱਖਣ ਨਾਲ ਇਹ ਜਲਦੀ ਅੰਕੁਰਿਤ ਹੋ ਸਕਦਾ ਹੈ ਅਤੇ ਇਸ ਦਾ ਸੁਆਦ ਵੀ ਬਦਲ ਸਕਦਾ ਹੈ। ਇਸ ਲਈ ਲਸਣ ਨੂੰ ਕਮਰੇ ਦੇ ਤਾਪਮਾਨ ‘ਤੇ ਕਿਸੇ ਸੁੱਕੀ ਅਤੇ ਹਵਾਦਾਰ ਥਾਂ ‘ਤੇ ਰੱਖਣਾ ਸਭ ਤੋਂ ਵਧੀਆ ਹੁੰਦਾ ਹੈ।
ਟਮਾਟਰ
ਫ੍ਰਿਜ ਵਿੱਚ ਰੱਖਣ ਨਾਲ ਟਮਾਟਰ ਦਾ ਕੁਦਰਤੀ ਸੁਆਦ ਘੱਟ ਹੋ ਜਾਂਦਾ ਹੈ ਅਤੇ ਇਸ ਦਾ ਗੂਦਾ ਨਰਮ ਪੈ ਜਾਂਦਾ ਹੈ। ਪੱਕੇ ਹੋਏ ਟਮਾਟਰਾਂ ਨੂੰ ਆਮ ਤਾਪਮਾਨ ‘ਤੇ ਰੱਖਣਾ ਜ਼ਿਆਦਾ ਬਿਹਤਰ ਮੰਨਿਆ ਜਾਂਦਾ ਹੈ। ਇਸ ਲਈ ਟਮਾਟਰਾਂ ਨੂੰ ਫ੍ਰਿਜ ਵਿੱਚ ਰੱਖਣ ਤੋਂ ਬਚੋ।
ਕੇਲੇ
ਕੇਲੇ ਨੂੰ ਫ੍ਰਿਜ ਵਿੱਚ ਰੱਖਣ ਨਾਲ ਇਸ ਦਾ ਛਿਲਕਾ ਜਲਦੀ ਕਾਲਾ ਪੈ ਜਾਂਦਾ ਹੈ ਅਤੇ ਪੱਕਣ ਦੀ ਪ੍ਰਕਿਰਿਆ ਪ੍ਰਭਾਵਿਤ ਹੋਣ ਕਾਰਨ ਇਹ ਜਲਦੀ ਖਰਾਬ ਹੋ ਸਕਦਾ ਹੈ। ਇਸ ਲਈ ਕੇਲਿਆਂ ਨੂੰ ਕਮਰੇ ਦੇ ਆਮ ਤਾਪਮਾਨ ‘ਤੇ ਹੀ ਰੱਖਣਾ ਬਿਹਤਰ ਹੁੰਦਾ ਹੈ।
ਸ਼ਹਿਦ ਨੂੰ ਫ੍ਰਿਜ ਵਿੱਚ ਨਾ ਰੱਖੋ
ਸ਼ਹਿਦ ਨੂੰ ਫ੍ਰਿਜ ਵਿੱਚ ਰੱਖਣ ਨਾਲ ਇਹ ਕ੍ਰਿਸਟਲ ਵਾਂਗ ਜੰਮ ਸਕਦਾ ਹੈ, ਜਿਸ ਨਾਲ ਇਸ ਦੀ ਵਰਤੋਂ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਨੂੰ ਹਮੇਸ਼ਾ ਆਮ ਤਾਪਮਾਨ ‘ਤੇ ਚੰਗੀ ਤਰ੍ਹਾਂ ਬੰਦ ਡੱਬੇ ਵਿੱਚ ਰੱਖੋ ਅਤੇ ਹਰ ਵਾਰ ਵਰਤੋਂ ਤੋਂ ਬਾਅਦ ਡੱਬੇ ਨੂੰ ਠੀਕ ਤਰ੍ਹਾਂ ਬੰਦ ਕਰ ਦਿਓ।
EDITED BY- HARLEEN KAUR




