
ਯਮੁਨਾਨਗਰ ਦੇ ਕੈਲ ਬਾਈਪਾਸ ਨੇੜੇ ਕੌਮੀ ਮਾਰਗ ’ਤੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਟਰੱਕ ਨੇ ਚੰਡੀਗੜ੍ਹ ਏਅਰਫੋਰਸ ਸਟੇਸ਼ਨ ਦੀ ਸਵਿਫ਼ਟ ਡਿਜ਼ਾਇਰ ਕਾਰ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਏਅਰਫੋਰਸ ਦੇ ਤਿੰਨ ਅਧਿਕਾਰੀ ਜ਼ਖ਼ਮੀ ਹੋ ਗਏ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਏਅਰਫੋਰਸ ਦੀ ਕਾਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਵਾਹਨ ਡਿਵਾਈਡਰ ਪਾਰ ਕਰਕੇ ਕੌਮੀ ਮਾਰਗ ਦੀ ਦੂਜੀ ਲੇਨ ਵਿੱਚ ਜਾ ਪੁੱਜਿਆ। ਘਟਨਾ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ, ਜਦਕਿ ਟੱਕਰ ਮਾਰਨ ਵਾਲਾ ਟਰੱਕ ਚਾਲਕ ਉੱਥੋਂ ਫ਼ਰਾਰ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਕਮਾਂਡ ਤੋਂ ਏਅਰਫੋਰਸ ਦੀ ਗੱਡੀ ਵਿੱਚ ਚਾਰ ਵਿਅਕਤੀ ਸਵਾਰ ਹੋ ਕੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਸਥਿਤ ਸਰਸਾਵਾ ਏਅਰਫੋਰਸ ਸਟੇਸ਼ਨ ਵੱਲ ਜਾ ਰਹੇ ਸਨ। ਕੈਲ ਬਾਈਪਾਸ ਕੋਲ ਕੌਮੀ ਮਾਰਗ ’ਤੇ ਇੱਕ ਵਾਹਨ ਖ਼ਰਾਬ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਸੀ ਅਤੇ ਜਾਮ ਦੀ ਸਥਿਤੀ ਬਣੀ ਹੋਈ ਸੀ।
ਇਸੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਏਅਰਫੋਰਸ ਦੀ ਗੱਡੀ ਨੂੰ ਸੜਕ ਦੇ ਕਿਨਾਰੇ ਖੜ੍ਹਾ ਕੀਤਾ ਗਿਆ ਸੀ। ਅਚਾਨਕ ਪਿੱਛੋਂ ਆਏ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜ਼ੋਰਦਾਰ ਟੱਕਰ ਕਾਰਨ ਕਾਰ ਡਿਵਾਈਡਰ ਪਾਰ ਕਰਕੇ ਸੜਕ ਦੇ ਦੂਜੇ ਪਾਸੇ ਜਾ ਪੁੱਜੀ।
ਹਾਦਸੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ’ਤੇ ਇਕੱਠੇ ਹੋ ਗਏ। ਗੱਡੀ ਵਿੱਚ ਫਸੇ ਏਅਰਫੋਰਸ ਅਧਿਕਾਰੀਆਂ ਨੂੰ ਲੋਕਾਂ ਨੇ ਬਾਹਰ ਕੱਢਿਆ। ਨੇੜਲੇ ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਵੀ ਰਾਹਤ ਕਾਰਜ ਵਿੱਚ ਮਦਦ ਕੀਤੀ ਅਤੇ ਜ਼ਖ਼ਮੀਆਂ ਨੂੰ ਨਿੱਜੀ ਵਾਹਨਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਏਅਰਫੋਰਸ ਦੇ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਗੱਡੀ ਚਲਾ ਰਹੇ ਧੀਰੇਂਦਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਸਰਸਾਵਾ ਏਅਰਫੋਰਸ ਸਟੇਸ਼ਨ ਜਾ ਰਹੇ ਸਨ। ਕੈਲ ਬਾਈਪਾਸ ਕੋਲ ਜਾਮ ਹੋਣ ਕਾਰਨ ਗੱਡੀ ਸਾਈਡ ’ਤੇ ਖੜ੍ਹੀ ਕੀਤੀ ਗਈ ਸੀ, ਜਦੋਂ ਪਿੱਛੋਂ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ।
ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਐਸਆਈ ਪਰਮਜੋਤ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਏਅਰਫੋਰਸ ਦੇ ਤਿੰਨ ਅਧਿਕਾਰੀ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਨੇ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।




