
ਬਿਲਾਵਲੁ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥ ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥ ਤਜਿ ਮਾਨੁ ਸਖੀ ਤਜਿ ਮਾਨੁ ਸਖੀ ਮਤੁ ਆਪਣੇ ਪ੍ਰੀਤਮ ਭਾਵਹ ॥ ਤਜਿ ਮਾਨੁ ਮੋਹੁ ਬਿਕਾਰੁ ਦੂਜਾ ਸੇਵਿ ਏਕੁ ਨਿਰੰਜਨੋ ॥ ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ॥ ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ ॥ ਨਾਨਕੁ ਪਇਅੰਪੈ ਕਰਹੁ ਕਿਰਪਾ ਤਾਮਿ ਮੰਗਲੁ ਗਾਵਾ ॥੧॥
ਅਰਥ: ਹੇ ਸਹੇਲੀਏ! ਆਓ (ਰਲ ਕੇ ਬੈਠੀਏ) ਹੇ ਸਹੇਲੀਏ! ਆਓ ਪ੍ਰਭੂ ਦੀ ਰਜ਼ਾ ਵਿਚ ਤੁਰੀਏ, ਅਤੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ। ਹੇ ਸਹੇਲੀਏ! ਆਪਣੇ ਅੰਦਰੋਂ) ਅਹੰਕਾਰ ਦੂਰ ਕਰ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਸ਼ਾਇਦ (ਇਸ ਤਰ੍ਹਾਂ) ਅਸੀ ਆਪਣੇ ਪ੍ਰੀਤਮ ਪ੍ਰਭੂ-ਪਤੀ ਨੂੰ ਚੰਗੀਆਂ ਲੱਗ ਸਕੀਏ। ਹੇ ਸਹੇਲੀਏ! ਆਪਣੇ ਅੰਦਰੋਂ) ਅਹੰਕਾਰ ਦੂਰ ਕਰ, ਮੋਹ ਦੂਰ ਕਰ, ਮਾਇਆ ਦੇ ਪਿਆਰ ਵਾਲਾ ਵਿਕਾਰ ਦੂਰ ਕਰ, ਸਿਰਫ਼ ਨਿਰਲੇਪ ਪ੍ਰਭੂ ਦੀ ਸਰਨ ਪਈ ਰਹੁ, ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਦਇਆ ਦੇ ਸੋਮੇ ਪ੍ਰੀਤਮ ਪ੍ਰਭੂ ਦੇ ਚਰਨਾਂ ਦੀ ਓਟ ਪਕੜੀ ਰੱਖ। ਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਏ! ਮੇਰੇ ਉੱਤੇ ਭੀ) ਮਿਹਰ ਕਰ, ਮੈਂ (ਪ੍ਰਭੂ ਦੇ) ਦਾਸਾਂ ਦੀ ਦਾਸੀ ਬਣ ਕੇ (ਸਿਫ਼ਤਿ-ਸਾਲਾਹ ਵਲੋਂ) ਉਪਰਾਮਤਾ ਛੱਡ ਕੇ ਮੁੜ ਹੋਰ ਹੋਰ ਪਾਸੇ ਨਾਹ ਭਟਕਦਾ ਫਿਰਾਂ। (ਤੂੰ ਮਿਹਰ ਕਰੇਂ) , ਤਦੋਂ ਹੀ ਮੈਂ (ਭੀ) ਸਿਫ਼ਤਿ-ਸਾਲਾਹ ਦਾ ਗੀਤ ਗਾ ਸਕਾਂਗਾ।੧।
EDITED BY- HARLEEN KAUR




