टॉप न्यूज़
ਮੀਂਹ ਨੇ ਬਦਲਿਆ ਮੌਸਮ, ਕਿਸਾਨਾਂ ਦੀ ਵਧੀ ਚਿੰਤਾ

ਫਰੀਦਕੋਟ ਵਿੱਚ ਅੱਧੀ ਰਾਤ ਤੋਂ ਪੈ ਰਹੇ ਮੀਂਹ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਮੀਂਹ ਕਾਰਨ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਨਾਲ ਠੰਢ ਦੇ ਮੌਸਮ ਦੀ ਆਮਦ ਦੇ ਸੰਕੇਤ ਮਿਲਣ ਲੱਗੇ ਹਨ। ਪਰ ਮੌਸਮ ਵਿੱਚ ਆਈ ਇਹ ਤਬਦੀਲੀ ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣ ਗਈ ਹੈ, ਕਿਉਂਕਿ ਇਸ ਸਮੇਂ ਮੰਡੀਆਂ ਵਿੱਚ ਝੋਨਾ ਪਿਆ ਹੈ ਅਤੇ ਖੇਤਾਂ ਵਿੱਚ ਵੀ ਕਈ ਥਾਵਾਂ ’ਤੇ ਫ਼ਸਲ ਕਟਾਈ ਲਈ ਤਿਆਰ ਖੜ੍ਹੀ ਹੈ।
ਮੀਂਹ ਨੇ ਸਭ ਤੋਂ ਵੱਧ ਚਿੰਤਾ ਉਨ੍ਹਾਂ ਕਿਸਾਨਾਂ ਦੀ ਵਧਾਈ ਹੈ, ਜਿਨ੍ਹਾਂ ਦੀ ਫ਼ਸਲ ਮੰਡੀਆਂ ਵਿੱਚ ਵਿਕਣ ਦੀ ਉਡੀਕ ਕਰ ਰਹੀ ਹੈ। ਕਿਸਾਨਾਂ ਨੂੰ ਡਰ ਹੈ ਕਿ ਜੇਕਰ ਝੋਨਾ ਮੀਂਹ ਦੇ ਪਾਣੀ ਨਾਲ ਭਿੱਜ ਗਿਆ, ਤਾਂ ਉਸ ਦੀ ਨਮੀ ਵਧ ਸਕਦੀ ਹੈ। ਇਸ ਕਾਰਨ ਸਰਕਾਰੀ ਖਰੀਦ ਦੌਰਾਨ ਫ਼ਸਲ ਨੂੰ ਨਿਰਧਾਰਤ ਮਾਪਦੰਡਾਂ ’ਤੇ ਖਰਾ ਉਤਾਰਨ ਵਿੱਚ ਮੁਸ਼ਕਲ ਆ ਸਕਦੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਫ਼ਸਲ ਨੂੰ ਮੀਂਹ ਦੀ ਲੋੜ ਸੀ, ਉਸ ਸਮੇਂ ਲੋੜੀਂਦੀ ਬਾਰਿਸ਼ ਨਹੀਂ ਹੋਈ। ਹੁਣ ਜਦੋਂ ਝੋਨੇ ਦੀ ਕਟਾਈ ਅਤੇ ਖਰੀਦ ਦਾ ਅਹਿਮ ਸਮਾਂ ਚੱਲ ਰਿਹਾ ਹੈ, ਤਾਂ ਅਚਾਨਕ ਪੈ ਰਹੇ ਮੀਂਹ ਨੇ ਨਵੀਂ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਉਨ੍ਹਾਂ ਮੁਤਾਬਕ, ਇਸ ਮੌਸਮੀ ਤਬਦੀਲੀ ਕਾਰਨ ਫ਼ਸਲ ਦੀ ਸੰਭਾਲ ਅਤੇ ਵਿਕਰੀ ਦੋਵਾਂ ’ਤੇ ਅਸਰ ਪੈਣ ਦਾ ਖ਼ਦਸ਼ਾ ਹੈ।
EDITED BY- HARLEEN KAUR




