ਛੱਠ ਪੂਜਾ ਨੂੰ ਲੈ ਕੇ ਸਟੇਸ਼ਨਾਂ ‘ਤੇ ਭਾਰੀ ਭੀੜ

ਛੱਠ ਪੂਜਾ ਦੇ ਤਿਉਹਾਰ ਨੂੰ ਲੈ ਕੇ ਪ੍ਰਵਾਸੀ ਭਾਈਚਾਰੇ ਵਿੱਚ ਘਰ ਵਾਪਸੀ ਦੀ ਲਹਿਰ ਦਿੱਖ ਰਹੀ ਹੈ। ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਰਗੇ ਵੱਡੇ ਰੇਲਵੇ ਸਟੇਸ਼ਨਾਂ ‘ਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਣ ਵਾਲੇ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਹਰ ਪਲੇਟਫਾਰਮ ਸਮਾਨ ਨਾਲ ਭਰੇ ਬੈਗਾਂ, ਪਰਿਵਾਰਾਂ ਅਤੇ ਬੱਚਿਆਂ ਦੀ ਖੁਸ਼ੀ ਨਾਲ ਗੂੰਜ ਰਿਹਾ ਹੈ। ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਛੱਠ ਪੂਜਾ ਲਈ ਬਿਹਾਰ ਅਤੇ ਯੂਪੀ ਜਾਣ ਵਾਲੀਆਂ ਜ਼ਿਆਦਾਤਰ ਗੱਡੀਆਂ ਵਿੱਚ ਬੁਕਿੰਗ ਪੂਰੀ ਹੋ ਚੁੱਕੀ ਹੈ। ਜਨਰਲ ਡੱਬਿਆਂ ਵਿੱਚ ਤਾਂ ਤਿਲ ਧਰਣ ਦੀ ਵੀ ਜਗ੍ਹਾ ਨਹੀਂ ਰਹੀ।
ਕਈ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲਿਆ ਅਤੇ ਉਹਨਾਂ ਨੂੰ ਜਨਰਲ ਟਿਕਟਾਂ ਨਾਲ ਹੀ ਸਫ਼ਰ ਕਰਨਾ ਪੈ ਰਿਹਾ ਹੈ। ਲੰਬੇ ਸਫਰ ਦੌਰਾਨ ਬੈਠਣ ਦੀ ਜਗ੍ਹਾ ਨਾ ਮਿਲਣ ਕਾਰਨ ਉਹਨਾਂ ਨੇ ਪ੍ਰਬੰਧਾਂ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਰੇਲਵੇ ਪ੍ਰਬੰਧਕ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਛੱਠ ਪੂਜਾ ਮੌਕੇ 11 ਜੋੜੀਆਂ ਤਿਉਹਾਰ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ, ਜੋ ਨਿਯਮਤ ਟ੍ਰੇਨਾਂ ਤੋਂ ਇਲਾਵਾ ਯਾਤਰੀਆਂ ਦੀ ਵੱਧ ਰਹੀ ਭੀੜ ਨੂੰ ਧਿਆਨ ਵਿੱਚ ਰੱਖਦੀਆਂ ਹਨ।
ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਸਪੈਸ਼ਲ ਟ੍ਰੇਨਾਂ ਦਾ ਲਾਭ ਜ਼ਰੂਰ ਚੁੱਕਣ ਤੇ ਸਬਰ ਬਣਾਈ ਰੱਖਣ। ਫਿਰੋਜ਼ਪੁਰ ਮੰਡਲ ਦਫ਼ਤਰ ਵਿੱਚ ਖਾਸ ਵਾਰ ਰੂਮ ਬਣਾਇਆ ਗਿਆ ਹੈ, ਜਿੱਥੇ ਅੰਮ੍ਰਿਤਸਰ, ਜਲੰਧਰ ਸਿਟੀ, ਲੁਧਿਆਣਾ ਅਤੇ ਢੰਢਾਰੀ ਕਲਾਂ ਸਟੇਸ਼ਨਾਂ ‘ਤੇ ਲੱਗੇ CCTV ਕੈਮਰਿਆਂ ਰਾਹੀਂ ਟ੍ਰੇਨਾਂ ਦੀ ਆਵਾਜਾਈ ਤੇ ਭੀੜ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸੀਨੀਅਰ ਅਧਿਕਾਰੀ ਖੁਦ ਮੌਕੇ ‘ਤੇ ਨਿਰੀਖਣ ਕਰ ਰਹੇ ਹਨ।




