
ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੇ ਇਰਾਨ-ਇਜ਼ਰਾਇਲ ਤਣਾਅ ਦੇ ਪ੍ਰਭਾਵਾਂ ਦੀ ਚਰਚਾ ਹੁਣ ਸਥਾਨਕ ਪੱਧਰ ‘ਤੇ ਵੀ ਸੁਣਨ ਨੂੰ ਮਿਲ ਰਹੀ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ ਕਮਰਸ਼ੀਅਲ ਗੈਸ ਸਿਲੈਂਡਰਾਂ ਦੀ ਸਪਲਾਈ ਰੁਕਣ ਦੀ ਖ਼ਬਰ ਨੇ ਹੋਟਲ, ਰੈਸਟੋਰੈਂਟ ਅਤੇ ਢਾਬਾ ਚਲਾਉਣ ਵਾਲਿਆਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਹਾਲਾਤ ਵਿੱਚ ਜਿੱਥੇ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਛੋਟੇ ਵਪਾਰੀਆਂ ਲਈ ਆਪਣਾ ਰੋਜ਼ਗਾਰ ਜਾਰੀ ਰੱਖਣਾ ਵੀ ਮੁਸ਼ਕਲ ਬਣਦਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਐਮਰਜੈਂਸੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਵਿੱਚ ਕਮਰਸ਼ੀਅਲ ਗੈਸ ਸਿਲੈਂਡਰਾਂ ਦੀ ਸਪਲਾਈ ਫਿਲਹਾਲ ਰੋਕ ਦਿੱਤੀ ਗਈ ਹੈ। ਦੂਜੇ ਪਾਸੇ ਘਰੇਲੂ ਗੈਸ ਸਿਲੈਂਡਰਾਂ ਦੀ ਬੁਕਿੰਗ ਵੀ ਕਰੀਬ 25 ਦਿਨਾਂ ਦੇ ਬਾਅਦ ਹੀ ਹੋ ਰਹੀ ਹੈ। ਹਾਲਾਂਕਿ ਗੈਸ ਕੰਪਨੀਆਂ ਦਾ ਕਹਿਣਾ ਹੈ ਕਿ ਗੈਸ ਦੀ ਉਪਲਬਧਤਾ ਵਿੱਚ ਕੋਈ ਘਾਟ ਨਹੀਂ ਹੈ ਅਤੇ ਉਨ੍ਹਾਂ ਕੋਲ ਸਿਲੈਂਡਰਾਂ ਦਾ ਵੱਡਾ ਭੰਡਾਰ ਮੌਜੂਦ ਹੈ।ਪਰ ਜਮੀਨੀ ਹਕੀਕਤ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੀ ਹੈ। ਕਮਰਸ਼ੀਅਲ ਸਿਲੈਂਡਰਾਂ ਦੀ ਰਿਫਿਲਿੰਗ ਰੁਕਣ ਕਾਰਨ ਸ਼ਹਿਰ ਦੇ ਰੈਸਟੋਰੈਂਟ ਅਤੇ ਢਾਬਾ ਮਾਲਕਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਛੋਟੇ ਕਾਰੋਬਾਰੀ ਕਹਿੰਦੇ ਹਨ ਕਿ ਜੇ ਇਹ ਹਾਲਾਤ ਲੰਮੇ ਸਮੇਂ ਤੱਕ ਰਹੇ ਤਾਂ ਉਨ੍ਹਾਂ ਦੇ ਕਾਰੋਬਾਰ ਬੰਦ ਹੋਣ ਦੇ ਕਗਾਰ ‘ਤੇ ਪਹੁੰਚ ਸਕਦੇ ਹਨ।
ਉਨ੍ਹਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਮਰਸ਼ੀਅਲ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰਨ ਦੀ ਬਜਾਏ ਇਸਨੂੰ ਘੱਟ ਕਰ ਦਿੱਤਾ ਜਾਵੇ, ਤਾਂ ਜੋ ਛੋਟੇ ਵਪਾਰੀ ਆਪਣਾ ਕੰਮ ਜਾਰੀ ਰੱਖ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਢਾਬਿਆਂ ‘ਤੇ ਕਈ ਲੋੜਵੰਦ ਲੋਕ ਸਸਤੇ ਭੋਜਨ ਲਈ ਆਉਂਦੇ ਹਨ ਅਤੇ ਜੇ ਗੈਸ ਦੀ ਕਮੀ ਹੋਈ ਤਾਂ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਘਬਰਾਉਣ ਤੋਂ ਰੋਕਿਆ ਹੈ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿਤਿਆ ਉੱਪਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਘਰੇਲੂ ਗੈਸ ਦੀ ਸਪਲਾਈ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਪੈਟਰੋਲਿਅਮ ਅਤੇ ਗੈਸ ਏਜੰਸੀ ਮਾਲਕਾਂ ਨਾਲ ਮੀਟਿੰਗ ਕਰਕੇ ਹਾਲਾਤਾਂ ਦੀ ਸਮੀਖਿਆ ਕੀਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਫਵਾਹ ‘ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਕੋਈ ਵਿਅਕਤੀ ਪੈਟਰੋਲ ਜਾਂ ਗੈਸ ਦੀ ਜਮਾਖੋਰੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ
EDITED BY- HARLEEN KAUR




