
ਪੰਜਾਬ ‘ਚ ਅੱਜ ਕਿਸਾਨਾਂ ਵੱਲੋਂ ਦਿੱਤੀ ਗਈ ਰੇਲ ਰੋਕੋ ਪ੍ਰਦਰਸ਼ਨ ਦੀ ਕਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਇਹ ਪ੍ਰਦਰਸ਼ਨ ਅਗਲੇ ਤਿੰਨ ਦਿਨਾਂ ਲਈ ਟਾਲ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ ਅੱਜ ਤਿੰਨ ਘੰਟਿਆਂ ਲਈ ਰੇਲ ਟਰੈਕ ‘ਤੇ ਧਰਨੇ ਦੀ ਕਾਲ ਦਿੱਤੀ ਸੀ, ਜਿਸ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਸੀ। ਪਰ ਹੁਣ ਇਹ ਪ੍ਰੋਗਰਾਮ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜਿਸ ਕਰਕੇ ਕਿਸਾਨਾਂ ਦੀ ਵੱਡੀ ਗਿਣਤੀ ਮੰਡੀਆਂ ਵਿੱਚ ਵਿਅਸਤ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਤਿੰਨ ਦਿਨਾਂ ਲਈ ਰੇਲ ਰੋਕੋ ਅੰਦੋਲਨ ਮੁਲਤਵੀ ਕੀਤਾ ਜਾਵੇ।
ਹਾਲਾਂਕਿ, ਕਿਸਾਨਾਂ ਨੇ ਇਹ ਵੀ ਸਾਫ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ‘ਤੇ ਕਾਰਵਾਈ ਨਾ ਹੋਈ ਤਾਂ ਆਗਾਮੀ ਦਿਨਾਂ ‘ਚ ਮੁੜ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ।
ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੂਬੇ ਭਰ ਵਿੱਚ ਰੇਲਵੇ ਟਰੈਕਾਂ ‘ਤੇ ਧਰਨਾ ਦੇ ਕੇ ਚੱਕਾ ਜਾਮ ਕਰਨਗੇ।
ਇਹ ਪ੍ਰਦਰਸ਼ਨ ਕਣਕ ਦੀ ਖਰੀਦ ਵਿੱਚ ਹੋ ਰਹੀ ਦੇਰੀ ਦੇ ਵਿਰੋਧ ‘ਚ ਕੀਤਾ ਜਾਣਾ ਸੀ ਅਤੇ SKM (ਗੈਰ-ਸਿਆਸੀ) ਤੇ KMM ਵੱਲੋਂ ਸਾਂਝੇ ਤੌਰ ‘ਤੇ ਇਸਦੀ ਕਾਲ ਦਿੱਤੀ ਗਈ ਸੀ।
ਹਾਲਾਂਕਿ, ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਾ ਹੋਈਆਂ ਤਾਂ ਅਗਲੇ ਦਿਨਾਂ ਵਿੱਚ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
EDITED BY- HARLEEN KAUR




