
ਚੰਡੀਗੜ੍ਹ ਦੇ ਬੁੜੈਲ ਪਿੰਡ ਵਿੱਚ ਸੋਮਵਾਰ ਨੂੰ ਘਰ ਵਿੱਚ 3 ਗੈਸ ਸਿਲੰਡਰ ਫਟ ਗਏ। ਧਮਾਕਿਆਂ ਕਾਰਨ ਘਰ ਦੀ ਇੱਕ ਕੰਧ ਢਹਿ ਗਈ ਅਤੇ ਨੇੜਲੇ ਦੋ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ। ਇਸ ਘਟਨਾ ਵਿੱਚ 3 ਲੋਕ ਜ਼ਖਮੀ ਹੋ ਗਏ। ਇਹ ਘਟਨਾ ਸ਼ਾਮ 7 ਵਜੇ ਦੇ ਕਰੀਬ ਵਾਪਰੀ। ਜਾਣਕਾਰੀ ਲਈ ਦੱਸ ਦੇਈਏ ਕਿ ਚੰਡੀਗੜ੍ਹ ਦੇ ਸੈਕਟਰ 45 ਸਥਿਤ ਬੁੜੈਲ ਇਲਾਕੇ ਵਿੱਚ ਧਮਾਕੇ ਦੀਆਂ ਅਵਾਜ਼ਾਂ ਸੁਣਨ ਤੋਂ ਬਾਅਦ ਲੋਕ ਵੀ ਚੀਕਾਂ ਮਾਰਦੇ ਹੋਏ ਘਰਾਂ ਤੋਂ ਬਾਹਰ ਨਿਕਲ ਆਏ।
ਇੱਥੇ ਇੱਕ ਰਿਹਾਇਸ਼ੀ ਇਮਾਰਤ ਵਿੱਚ ਅਚਾਨਕ ਗੈਸ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ। ਦੇਖਦੇ ਹੀ ਦੇਖਦੇ ਇਮਾਰਤ ਦੇ ਅੰਦਰ ਰੱਖੇ ਸਿਲੰਡਰਾਂ ਵਿੱਚ ਇੱਕ ਤੋਂ ਬਾਅਦ ਇੱਕ ਲਗਾਤਾਰ 4 ਧਮਾਕੇ ਹੋਏ। ਇਸ ਭਿਆਨਕ ਹਾਦਸੇ ਵਿੱਚ ਘਰ ‘ਚ ਮੌਜੂਦ ਪਰਿਵਾਰ ਦੇ ਕੁੱਝ ਮੈਂਬਰ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ।
ਮਿਲੀ ਜਾਣਕਾਰੀ ਮੁਤਾਬਕ, ਪਿਛਲੇ ਦਿਨੀਂ ਖਾੜੀ ਦੇਸ਼ਾਂ ਵਿੱਚ ਚੱਲ ਰਹੀ ਜੰਗ (Gulf War) ਦੇ ਕਾਰਨ ਗੈਸ ਦੀ ਕਿੱਲਤ ਹੋਣ ਦੀਆਂ ਅਫ਼ਵਾਹਾਂ ਅਤੇ ਖ਼ਬਰਾਂ ਸਾਹਮਣੇ ਆਈਆਂ ਸਨ। ਇਸੇ ਡਰ ਦੇ ਚਲਦਿਆਂ ਲੋਕਾਂ ਨੇ ਸਿਲੰਡਰ ਭਰਵਾ ਕੇ ਘਰਾਂ ਵਿੱਚ ਜਮ੍ਹਾਂ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸ ਇਮਾਰਤ ਵਿੱਚ ਵੀ ਕਰੀਬ 10 ਤੋਂ 12 ਸਿਲੰਡਰ ਸਟੋਕ ਕਰਕੇ ਰੱਖੇ ਹੋਏ ਸਨ। ਅਚਾਨਕ ਲੱਗੀ ਅੱਗ ਕਾਰਨ ਇਨ੍ਹਾਂ ਵਿੱਚੋਂ 4 ਸਿਲੰਡਰ ਬੁਰੀ ਤਰ੍ਹਾਂ ਬਲਾਸਟ ਹੋ ਗਏ, ਜਿਸ ਕਾਰਨ ਬਿਲਡਿੰਗ ਦਾ ਇੱਕ ਵੱਡਾ ਹਿੱਸਾ ਢਹਿ-ਢੇਰੀ ਹੋ ਗਿਆ।
ਪੁਲਿਸ ਮੁਤਾਬਕ, ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਲੱਗਣ ਦਾ ਕਾਰਨ ਭਿਆਨਕ ਗਰਮੀ ਸੀ ਜਾਂ ਕੋਈ ਹੋਰ ਜਲਨਸ਼ੀਲ ਪਦਾਰਥ ਸਿਲੰਡਰਾਂ ਦੇ ਨੇੜੇ ਪਹੁੰਚ ਗਿਆ ਸੀ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿੱਚ ਗੈਸ ਦੀ ਸਪਲਾਈ ਬਿਲਕੁਲ ਸਹੀ ਹੈ ਅਤੇ ਸਪਲਾਈ ਵਿੱਚ ਕੋਈ ਦਿੱਕਤ ਨਹੀਂ ਹੈ। ਇਸ ਲਈ ਕਿਸੇ ਵੀ ਅਫ਼ਵਾਹ ਦੇ ਡਰੋਂ ਘਰਾਂ ਵਿੱਚ ਇਸ ਤਰ੍ਹਾਂ ਗੈਰ-ਕਾਨੂੰਨੀ ਅਤੇ ਖ਼ਤਰਨਾਕ ਤਰੀਕੇ ਨਾਲ ਸਿਲੰਡਰ ਸਟੋਕ ਨਾ ਕੀਤੇ ਜਾਣ।
EDITED BY- HARLEEN KAUR




