
ਖੰਨਾ ਨਗਰ ਕੌਂਸਲ ਚੋਣਾਂ ਦੇ ਵਾਰਡ ਨੰਬਰ 15 ਵਿੱਚ ਅੱਜ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ, ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਮਰਥਕਾਂ ਵਿਚਕਾਰ ਬਹਿਸ ਹੋ ਗਈ। ਇਸ ਨਾਲ ਮਾਹੌਲ ਕਾਫੀ ਭੱਖ ਗਿਆ। ਪੋਲਿੰਗ ਬੂਥ ਦੇ ਬਾਹਰ ਹੋਈ ਝੜਪ ਵਿੱਚ ਦੋਵਾਂ ਧਿਰਾਂ ਨੇ ਗਾਲੀ-ਗਲੋਚ ਕੀਤੀ, ਜਿਸ ਕਾਰਨ ਪੁਲਿਸ ਨੂੰ ਦਖਲ ਦੇਣਾ ਪਿਆ।
ਜਾਣਕਾਰੀ ਮੁਤਾਬਕ, ਕਾਂਗਰਸ ਦੀ ਰੀਨਾ ਵਿਜਨ ਅਤੇ ਆਮ ਆਦਮੀ ਪਾਰਟੀ ਦੀ ਮੰਜੂ ਮਲਹੋਤਰਾ ਵਾਰਡ ਨੰਬਰ 15 ਤੋਂ ਚੋਣ ਲੜ ਰਹੀਆਂ ਹਨ। ਰੀਨਾ ਵਿਜਨ ਕਾਂਗਰਸ ਨੇਤਾ ਗਿੰਨੀ ਵਿਜਨ ਦੀ ਪਤਨੀ ਹੈ, ਜਦੋਂ ਕਿ ਮੰਜੂ ਮਲਹੋਤਰਾ ਸੀਨੀਅਰ ‘ਆਪ’ ਨੇਤਾ ਸ਼ਾਮਲਾਲ ਮਲਹੋਤਰਾ ਦੀ ਨੂੰਹ ਹੈ। ਵੋਟਿੰਗ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ, ਪੋਲਿੰਗ ਬੂਥ ਦੇ ਬਾਹਰ ਗਿੰਨੀ ਵਿਜਨ ਅਤੇ ਸ਼ਾਮਲਾਲ ਮਲਹੋਤਰਾ ਦੇ ਪੁੱਤਰ ਰਾਜੀਵ ਮਲਹੋਤਰਾ ਵਿਚਕਾਰ ਝਗੜਾ ਹੋ ਗਿਆ।
ਦੱਸ ਦਈਏ ਕਿ ਬਹਿਸ ਤੇਜ਼ੀ ਨਾਲ ਦੋਵਾਂ ਧਿਰਾਂ ਦੇ ਸਮਰਥਕਾਂ ਵਿਚਕਾਰ ਤਣਾਅ ਵਿੱਚ ਬਦਲ ਗਈ । ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਤੁਰੰਤ ਦਖਲ ਦਿੱਤਾ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ। ਪੁਲਿਸ ਨੇ ਦੋਵਾਂ ਧਿਰਾਂ ਨੂੰ ਸਖ਼ਤੀ ਨਾਲ ਸ਼ਾਂਤ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਵੋਟਿੰਗ ਪ੍ਰਕਿਰਿਆ ਵਿੱਚ ਵਿਘਨ ਨਾ ਪਵੇ।
ਪੁਲਿਸ ਕਾਰਵਾਈ ਤੋਂ ਬਾਅਦ, ਸਥਿਤੀ ਸ਼ਾਂਤ ਹੋ ਗਈ ਅਤੇ ਵੋਟਿੰਗ ਬਿਨਾਂ ਕਿਸੇ ਰੁਕਾਵਟ ਤੋਂ ਜਾਰੀ ਰਹੀ। ਪ੍ਰਸ਼ਾਸਨ ਨੇ ਕਿਹਾ ਕਿ ਸ਼ਾਂਤੀਪੂਰਨ ਚੋਣ ਨੂੰ ਯਕੀਨੀ ਬਣਾਉਣ ਲਈ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ‘ਤੇ ਲੋੜੀਂਦੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
EDITED BY- HARLEEN KAUR




