
ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਗਰਮੀਆਂ ਦੀ ਵਿਦਾਈ ਅਤੇ ਸਰਦੀਆਂ ਸ਼ੁਰੂ ਹੋਣ ਲੱਗ ਪਈਆਂ ਹਨ। ਅਗਲੇ ਕੁਝ ਦਿਨਾਂ ਵਿੱਚ ਦਿਨ ਦਾ ਤਾਪਮਾਨ ਹੌਲੀ-ਹੌਲੀ ਵੱਧ ਸਕਦਾ ਹੈ, ਪਰ ਸਵੇਰ ਅਤੇ ਰਾਤ ਨੂੰ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। 30 ਸਤੰਬਰ ਤੋਂ 5 ਅਕਤੂਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਮੀਂਹ ਪੈਣ ਦੀ ਉਮੀਦ ਨਹੀਂ ਹੈ।
ਮਾਨਸੂਨ ਦੀ ਵਿਦਾਈ ਲਗਾਤਾਰ ਅੱਗੇ ਵੱਧ ਰਹੀ ਹੈ। ਇਸਦੀ ਵਾਪਸੀ ਲਾਈਨ ਗੁਰਦਾਸਪੁਰ ਅਤੇ ਚੰਡੀਗੜ੍ਹ ਵਿੱਚੋਂ ਲੰਘ ਰਹੀ ਹੈ। ਉੱਤਰ-ਪੱਛਮੀ ਹਵਾਵਾਂ ਵਾਯੂਮੰਡਲ ਵਿੱਚ ਨਮੀਂ ਨੂੰ ਘਟਾ ਦੇਣਗੀਆਂ, ਜਿਸ ਨਾਲ ਮੌਸਮ ਹੋਰ ਖੁਸ਼ਕ ਹੋਣ ਲੱਗ ਜਾਵੇਗਾ। ਪਿਛਲੇ 24 ਘੰਟਿਆਂ ਵਿੱਚ, ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 3.3 ਡਿਗਰੀ ਵਧਿਆ ਹੈ। ਹਾਲਾਂਕਿ, ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.9 ਡਿਗਰੀ ਘੱਟ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 34 ਡਿਗਰੀ ਦਰਜ ਕੀਤਾ ਗਿਆ।




