टॉप न्यूज़
ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੀ ਹੈ
ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਦੇਸ਼ ਭਗਤੀ, ਬਰਾਬਰੀ, ਇਨਸਾਫ਼ ਅਤੇ ਲੋਕ ਭਲਾਈ ‘ਤੇ ਆਧਾਰਿਤ ਪੰਜਾਬ ਦੀ ਸਿਰਜਣਾ ਦੇ ਦ੍ਰਿੜ੍ਹ ਸੰਕਲਪ ਨਾਲ ਕੰਮ ਕਰ ਰਹੀ ਹੈ। ਮਹਾਨ ਸ਼ਹੀਦ ਦੇ ਜਨਮ ਦਿਹਾੜੇ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਸਤਿਕਾਰ ਵਿੱਚ ਵੱਡੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਹਵਾਈ ਅੱਡੇ ਦਾ ਨਾਂ ਉਨ੍ਹਾਂ ਦੇ ਨਾਂ ‘ਤੇ ਰੱਖਣ ਅਤੇ 30 ਫੁੱਟ ਉੱਚਾ ਬੁੱਤ ਸਥਾਪਤ ਕਰਨ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਲਾਉਣ ਦੇ ਨਾਲ-ਨਾਲ ਖਟਕੜ ਕਲਾਂ ਵਿਖੇ 52 ਕਰੋੜ ਰੁਪਏ ਦਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਹੈਰੀਟੇਜ ਕੰਪਲੈਕਸ ਬਣਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਤਰੱਕੀ, ਸਿੱਖਿਆ, ਭਲਾਈ ਅਤੇ ਇਸ ਦੇ ਪਾਣੀਆਂ ਦੇ ਸਰੋਤਾਂ ਦੀ ਰਾਖੀ ਉਸ ਸੰਕਲਪ ਦਾ ਕੇਂਦਰ ਬਿੰਦੂ ਹਨ ਜਿਸ ਲਈ ਸ਼ਹੀਦਾਂ ਨੇ ਲਾਮਿਸਾਲ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਆਪ ਨੂੰ ਪੰਜਾਬ ਦੇ ਲੋਕਾਂ ਲਈ ਸਮਰਪਿਤ ਰੱਖਣਗੇ ਅਤੇ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਜੋ ਵੀ ਕਰਨਾ ਪਵੇਗਾ, ਉਹ ਕਰਨਗੇ।
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਯਾਦ ਵਿੱਚ ਕਰਵਾਏ ਪੱਧਰੀ ਸਮਾਗਮ ‘ਜਸ਼ਨ-ਏ-ਇਨਕਲਾਬ’ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਖਟਕੜ ਕਲਾਂ ਨੂੰ ਵਿਰਾਸਤੀ, ਵਿਦਿਅਕ ਅਤੇ ਸੱਭਿਆਚਾਰਕ-ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਪ੍ਰਾਜੈਕਟ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ, “ਇਹ ਪ੍ਰਾਜੈਕਟ ਖਟਕੜ ਕਲਾਂ ਦੇ ਇਤਿਹਾਸਕ ਸਰੂਪ ਨੂੰ ਬਰਕਰਾਰ ਰੱਖਦੇ ਹੋਏ ਇਨਕਲਾਬੀ ਸ਼ਹੀਦਾਂ ਦੇ ਜੀਵਨ, ਆਦਰਸ਼ਾਂ, ਕੁਰਬਾਨੀਆਂ ਅਤੇ ਵਿਰਾਸਤ ਨੂੰ ਸਮਕਾਲੀ ਰੂਪ ਵਿੱਚ ਪੇਸ਼ ਕਰਨ ਲਈ ਤਿਆਰ ਕੀਤਾ ਗਿਆ ਹੈ। ਅਸੀਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਨੂੰ ਕੌਮੀ ਮਹੱਤਵ ਵਾਲੇ ਵਿਰਾਸਤੀ ਸਥਾਨ ਵਿੱਚ ਬਦਲ ਰਹੇ ਹਾਂ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਆਜ਼ਾਦੀ ਅੰਦੋਲਨ ਦੇ ਸ਼ਾਨਦਾਰ ਇਤਿਹਾਸ ਨਾਲ ਜੁੜੀਆਂ ਰਹਿਣ।”
ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ ਅਤੇ ਹੋਰ ਆਜ਼ਾਦੀ ਘੁਲਾਟੀਆਂ ਨਾਲ ਜੁੜੀਆਂ ਦੇਸ਼ ਭਗਤੀ, ਬਹਾਦਰੀ, ਸਮਾਜਿਕ ਇਨਸਾਫ਼ ਅਤੇ ਕੁਰਬਾਨੀ ਦੀਆਂ ਕਦਰਾਂ-ਕੀਮਤਾਂ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ, “ਕੰਪਲੈਕਸ ਵਿੱਚ ਜੱਦੀ ਘਰ ਅਤੇ ਹਾਊਸ ਦਾ ਸਰੂਪ, ਅਦਾਲਤ ਦਾ ਅਨੁਭਵ, ਵਿਰਾਸਤੀ ਗਲੀ, ਪੁਨਰ-ਸਿਰਜਿਤ ਪਿੰਡ ਦਾ ਮਾਹੌਲ, ਪਿੰਡ ਦੇ ਦਾਖਲੇ ਤੇ ਨਿਕਾਸ ਗੇਟ, ਮਸ਼ਾਲ ਗੇਟ, ਰਾਸ਼ਟਰੀ ਝੰਡਾ ਖੇਤਰ, ਲਾਇਬ੍ਰੇਰੀ ਅਤੇ ਵਿਸ਼ੇਸ਼ ਪ੍ਰਦਰਸ਼ਨੀਆਂ ਸ਼ਾਮਲ ਹਨ। ਕੰਧ ਚਿੱਤਰ, ਮੂਰਤੀਆਂ, ਇਤਿਹਾਸਕ ਵਸਤੂਆਂ, ਗ੍ਰਾਫਿਕਸ ਅਤੇ ਹੋਰ ਪ੍ਰਦਰਸ਼ਨੀਆਂ ਇਤਿਹਾਸਕ ਤੌਰ ‘ਤੇ ਪ੍ਰਮਾਣਿਤ ਸਮੱਗਰੀ ਰਾਹੀਂ ਆਜ਼ਾਦੀ ਦੀ ਲਹਿਰ ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਬਿਆਨ ਕਰਨਗੀਆਂ।”
ਉਨ੍ਹਾਂ ਕਿਹਾ ਕਿ ਇੱਕ ਆਧੁਨਿਕ ਆਡੀਟੋਰੀਅਮ, ਇੰਟੇਗ੍ਰਿਟਡ ਆਡੀਓ-ਵੀਡੀਓ ਪੇਸ਼ਕਾਰੀ, ਪ੍ਰੋਜੈਕਸ਼ਨ ਤੇ ਇੰਟਰਪ੍ਰੀਟੇਸ਼ਨ ਸਿਸਟਮ, ਮਿਊਜ਼ੀਕਲ ਫੁਹਾਰਾ, ਸਮਾਰਕੀ ਰੌਸ਼ਨੀ ਅਤੇ ਤਿਆਰ ਕੀਤੇ ਗਏ ਸਾਊਂਡ ਤੇ ਲਾਈਟਿੰਗ ਪ੍ਰਭਾਵ, ਵਿਸ਼ੇ ਦੀ ਮਹੱਤਤਾ ਅਤੇ ਅਸਲੀਅਤ ਨੂੰ ਬਰਕਰਾਰ ਰੱਖਦੇ ਹੋਏ ਖਿੱਚਵਾਂ ਅਨੁਭਵ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ, “ਪ੍ਰਾਜੈਕਟ ਵਿੱਚ ਇੱਕ ਟੂਰਿਸਟ ਫੈਸਿਲੀਟੇਸ਼ਨ ਸੈਂਟਰ (ਸੈਲਾਨੀ ਸੁਵਿਧਾ ਕੇਂਦਰ), ਕਾਟੇਜ, ਗੈਸਟ ਹਾਊਸ, ਰੈਸਟੋਰੈਂਟ/ਕੈਫੇਟੇਰੀਆ, ਟਾਇਲਟ ਬਲਾਕ, ਪਾਰਕਿੰਗ, ਪੈਦਲ ਰਸਤੇ, ਛੱਪੜ ਅਤੇ ਲੈਂਡਸਕੇਪ ਵਾਲੀਆਂ ਖੁੱਲ੍ਹੀਆਂ ਥਾਵਾਂ ਵੀ ਸ਼ਾਮਲ ਹਨ। ਇਹ ਸਹੂਲਤਾਂ ਵਿਦਿਆਰਥੀਆਂ, ਖੋਜਕਰਤਾਵਾਂ, ਸੈਲਾਨੀਆਂ, ਪਰਿਵਾਰਾਂ ਅਤੇ ਵੱਡੇ ਸਮਾਗਮਾਂ ਲਈ ਸੁਚੱਜਾ, ਪਹੁੰਚਯੋਗ ਅਤੇ ਸੁਖਾਵਾਂ ਅਨੁਭਵ ਪ੍ਰਦਾਨ ਕਰਨਗੀਆਂ।”
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੁਰਜ਼ੋਰ ਯਤਨ ਕਰ ਰਹੀ ਹੈ ਅਤੇ ਇਸ ਮਹਾਨ ਕਾਰਜ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ, “ਇਹ ਕੋਈ ਸਿਆਸੀ ਸਮਾਗਮ ਨਹੀਂ ਹੈ। ਇਹ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਇੱਕ ਪਵਿੱਤਰ ਮੌਕਾ ਹੈ ਜਿਸ ਨੇ ਮਾਤ-ਭੂਮੀ ਲਈ ਆਪਣੀ ਜਾਨ ਨਿਛਾਵਰ ਕੀਤੀ। ਸਾਡੀ ਸਰਕਾਰ ਇਸ ਅਜ਼ੀਮ ਸ਼ਹੀਦ ਦੀ ਵਿਰਾਸਤ ਨੂੰ ਅਮਰ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਆਦਰਸ਼ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣ।”
EDITED BY- HARLEEN KAUR




