
ਉੱਤਰ ਪ੍ਰਦੇਸ਼ ਦੇ ਗਾਜ਼ਿਆਬਾਦ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਤਿੰਨ ਸਕੀਆਂ ਭੈਣਾਂ ਨੇ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਪੁਲਿਸ ਮੁਤਾਬਕ ਤਿੰਨੋਂ ਨੂੰ ਆਨਲਾਈਨ ਗੇਮ ਖੇਡਣ ਦੀ ਲਤ ਸੀ। ਪਰਿਵਾਰਕ ਮੈਂਬਰਾਂ ਵੱਲੋਂ ਗੇਮ ਖੇਡਣ ਤੋਂ ਰੋਕਣ ’ਤੇ ਉਨ੍ਹਾਂ ਨੇ ਇਹ ਖ਼ਤਰਨਾਕ ਕਦਮ ਚੁੱਕ ਲਿਆ।
ਇਹ ਘਟਨਾ ਗਾਜ਼ਿਆਬਾਦ ਦੇ ਥਾਣਾ ਟੀਲਾ ਮੋੜ ਇਲਾਕੇ ਵਿੱਚ ਸਥਿਤ ਭਾਰਤ ਸਿਟੀ ਸੋਸਾਇਟੀ ਦੀ ਦੱਸੀ ਜਾ ਰਹੀ ਹੈ। ਤਿੰਨੋਂ ਭੈਣਾਂ ਭਾਰਤ ਸਿਟੀ ਦੇ ਟਾਵਰ ਨੰਬਰ B1 ਦੇ ਫਲੈਟ ਨੰਬਰ 907 ਵਿੱਚ ਰਹਿੰਦੀਆਂ ਸਨ। ਉਨ੍ਹਾਂ ਦੀ ਉਮਰ ਕਰੀਬ 16 ਸਾਲ, 14 ਸਾਲ ਅਤੇ 12 ਸਾਲ ਦੱਸੀ ਜਾ ਰਹੀ ਹੈ। ਤਿੰਨੋਂ ਨੂੰ ਆਨਲਾਈਨ ਗੇਮ ਖੇਡਣ ਦੀ ਆਦਤ ਸੀ ਅਤੇ ਉਹ ਅਕਸਰ ਆਪਣਾ ਜ਼ਿਆਦਾਤਰ ਸਮਾਂ ਗੇਮ ਖੇਡਣ ਵਿੱਚ ਹੀ ਬਿਤਾਉਂਦੀਆਂ ਸਨ।
ਮੰਗਲਵਾਰ ਦੀ ਰਾਤ ਨੂੰ ਵੀ ਤਿੰਨੋਂ ਭੈਣਾਂ ਆਨਲਾਈਨ ਗੇਮ ਖੇਡ ਰਹੀਆਂ ਸਨ। ਪਰਿਵਾਰਕ ਮੈਂਬਰਾਂ ਨੇ ਜਦੋਂ ਉਨ੍ਹਾਂ ਨੂੰ ਗੇਮ ਖੇਡਣ ਤੋਂ ਮਨਾਂ ਕੀਤਾ ਤਾਂ ਉਹ ਨਾ ਮੰਨੀਆਂ ਅਤੇ ਨਾਰਾਜ਼ ਹੋ ਗਈਆਂ। ਇਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਕਮਰੇ ਤੋਂ ਬਾਹਰ ਚਲੇ ਗਏ ਤਾਂ ਗੁੱਸੇ ਵਿੱਚ ਤਿੰਨੋਂ ਨੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਪਰਿਵਾਰ ਵਿੱਚ ਇਕੱਠੇ ਤਿੰਨ ਨਾਬਾਲਿਗ ਭੈਣਾਂ ਦੀ ਮੌਤ ਨਾਲ ਮਾਪਿਆਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਅਤੇ ਮੌਕੇ ’ਤੇ ਆਲੇ-ਦੁਆਲੇ ਦੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ।
ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਮੁਤਾਬਕ ਤਿੰਨੋਂ ਨੇ ਖੁਦਕੁਸ਼ੀ ਕਿਉਂ ਕੀਤੀ, ਇਸ ਦਾ ਕਾਰਨ ਹਾਲੇ ਸਪਸ਼ਟ ਨਹੀਂ ਹੋ ਸਕਿਆ। ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਤਿੰਨੋਂ ਨੂੰ ਆਨਲਾਈਨ ਗੇਮ ਖੇਡਣ ਦੀ ਲਤ ਸੀ ਅਤੇ ਘਟਨਾ ਵਾਲੀ ਰਾਤ ਉਨ੍ਹਾਂ ਨੂੰ ਗੇਮ ਖੇਡਣ ਤੋਂ ਮਨਾਂ ਕੀਤਾ ਗਿਆ ਸੀ।
EDITED BY- HARLEEN KAUR




